ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ “ਕੋਵਿਡ-19 ਦੌਰਾਨ ਹਾਸ਼ੀਆਗ੍ਰਤ ਵਰਗ ‘ਤੇ ਸਮਾਜਿਕ ਅਤੇ ਆਰਥਿਕ ਪ੍ਰਭਾਵ” ਵਿਸ਼ੇ ਤੇ ਵੈਬੀਨਾਰ ਦਾ ਆਯੋਜਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਕਰੋਨਾ ਮਹਾਮਾਰੀ (ਕੋਵਿਡ-19) ਦੌਰਾਨ ਲਗਾਏ ਗਏ ਲਾਕਡਾਊਨ ਕਾਰਨ ਸਮਾਜ ਨੂੰ ਦਰਪੇਸ਼ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਦੀ ਸਮੀਖਿਆ ਅਧਾਰਿਤ “ਕੋਵਿਡ-19 ਦੌਰਾਨ ਹਾਸ਼ੀਆਗ੍ਰਤ ਵਰਗ ‘ਤੇ ਸਮਾਜਿਕ ਅਤੇ ਆਰਥਿਕ ਪ੍ਰਭਾਵ” ਵਿਸ਼ੇ ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਦੌਰਾਨ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਵੈਬੀਨਾਰ ਦੇ ਮੁੱਖ ਬੁਲਾਰੇ ਡਾ. ਹਰਪ੍ਰੀਤ ਸਿੰਘ, ਸਕੂਲਾਂ ਕਾਲਜਾਂ ਤੋਂ ਜੁੜੇ ਅਧਿਆਪਕਾਂ, ਆਰਥਿਕ ਮਾਹਿਰਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਬੋਲਦਿਆਂ ਉਹਨਾਂ ਦੱਸਿਆ ਕਿ ਕੋਵਿਡ-19 ਦੌਰਾਨ ਜਿੱਥੇ ਆਰਥਿਕ ਤੌਰ ਤੇ ਸਮਾਜ ਨੇ ਨੁਕਸਾਨ ਝੱਲਿਆ ਹੈ ਉੱਥੇ ਹੀ ਬਹੁਗਿਣਤੀ ਅਜਿਹੇ ਲੋਕਾਂ ਦੀ ਹੈ ਜੋ ਇਸ ਮਹਾਮਾਰੀ ਤੋਂ ਡਰਦਿਆਂ ਨਿਰਾਸ਼ਾ ਕਾਰਨ ਕਾਰਜਹੀਣ ਹੋ ਕੇ ਰਹਿ ਗਏ। ਅਜਿਹੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਇਸ ਵੈਬੀਨਾਰ ਅਤੇ ਖ਼ਾਲਸਾ ਕਾਲਜ ਵੱਲੋਂ ਕੀਤੇ ਜਾ ਰਹੇ ਯਤਨ ਜਰੂਰ ਸਹਾਈ ਹੋਣਗੇ। ਵੈਬੀਨਾਰ ਦੇ ਮੁੱਖ ਬੁਲਾਰੇ ਉੱਘੇ ਅਰਥ ਸ਼ਾਸਤਰੀ ਡਾ. ਹਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪੰਜਾਬ ਦੇ ਖਾਸ ਖੇਤਰਾਂ ਤੇ ਕੀਤੇ ਸਰਵੇ ਦੇ ਅਧਾਰ ਤੇ ਸਮਾਜ ਦੇ ਹਾਸ਼ੀਆਗ੍ਰਤ ਵਰਗ ਜਿਵੇਂ ਪੱਛੜੀਆਂ ਸ਼੍ਰੇਣੀਆਂ ਤੇ ਕੋਵਿਡ-19 ਦੇ ਕਿਸ ਕਦਰ ਮਾਰੂ ਪ੍ਰਭਾਵ ਪਏ ਹਨ ਨੂੰ ਅਰਥਿਕ ਗਣਨਾਂ ਦੇ ਟੂਲਾਂ ਦੀ ਮਦਦ ਨਾਲ ਸਾਂਝਾ ਕੀਤਾ। ਉਹਨਾਂ ਆਰਥਿਕ ਅਤੇ ਸਮਾਜਿਕ ਤੌਰ ਤੇ ਸਮਾਜ ਨੂੰ ਹੁਲਾਰਾ ਦੇਣ ਵਾਲੀਆਂ ਪਹੁੰਚਾਂ ਅਪਨਾਉਣ ਦਾ ਸੱਦਾ ਦਿੱਤਾ। ਵੈਬੀਨਾਰ ਦੇ ਕਨਵੀਨਰ ਡਾ. ਸੂਮੀਤ ਕੌਰ ਨੇ ਮੁੱਖ ਬੁਲਾਰੇ ਡਾ. ਹਰਪ੍ਰੀਤ ਸਿੰਘ, ਸਕੂਲਾਂ, ਕਾਲਜਾਂ ਤੋਂ ਜੁੜੇ ਅਧਿਆਪਕਾਂ, ਆਰਥਿਕ ਮਾਹਿਰਾਂ, ਵਿਿਦਆਰਥੀਆਂ, ਕਾਲਜ ਦੀ ਓ.ਐਸ.ਏ. ਦੇ ਮੈਂਬਰਾਂ ਅਤੇ ਇਲਾਕੇ ਦੇ ਸੂਝਵਾਨ ਸ੍ਰੋਤਿਆਂ ਦਾ ਧੰਨਵਾਦ ਕੀਤਾ।