ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਸਟਾਫ਼ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੂਹ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਿਸਾਨੀ ਮੋਰਚੇ ਦੀ ਸਫ਼ਲਤਾ ਅਤੇ ਸਰਬੱਤ ਦੇ ਭਲੇ ਲਈ ਕੀਤਾ ਗਿਆ ਅਰਦਾਸ ਸਮਾਗਮ
ਸ਼੍ਰੋ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਥਾਪਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਜੀ ਦੀ ਪ੍ਰੇਰਨਾ ਅਧੀਨ ਸਮੂਹ ਸਟਾਫ਼ ਵੱਲੋਂ ਲੋਹੜੀ ਦੇ ਮੌਕੇ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਂਤਮਈ ਧਰਨਾ ਦੇਣ ਵਾਲੇ 70 ਤੋਂ ਵੱਧ ਕਿਸਾਨਾਂ ਦੀ ਹੋਈ ਸ਼ਹੀਦੀ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਸਾਨੀ ਸੰਘਰਸ਼ ਦੀ ਸਫ਼ਲਤਾ ਅਤੇ ਸਰਬੱਤ ਦੇ ਭਲੇ ਲਈ ਸੰਗਤੀ ਰੂਪ ਵਿੱਚ ਇਕੱਠੇ ਹੋ ਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੱੱਸਿਆ ਕਿ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਧਰਨਾ ਦੇ ਰਹੇ ਕਿਸਾਨਾਂ ਦੇ ਜ਼ਜ਼ਬਿਆਂ ਦੀ ਕਦਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਇਹ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਸੰਵਿਧਾਨਿਕ ਸੰਸਥਾਵਾਂ ਪ੍ਰਤੀ ਕਿਸਾਨਾਂ ਅਤੇ ਸਮੁੱਚੇ ਦੇਸ਼ ਵਾਸੀਆਂ ਦਾ ਵਿਸ਼ਵਾਸ ਬਹਾਲ ਹੋ ਸਕੇ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ।ਉਨ੍ਹਾਂ ਆਖਿਆ ਕਿ ਲੋਹੜੀ ਵਰਗੇ ਸਾਡੇ ਅਨੇਕਾਂ ਹੀ ਅਜਿਹੇ ਤਿਉਹਾਰ ਹਨ ਜਿਹੜੇ ਸਾਨੂੰ ਸਾਡੇ ਵਿਰਸੇ ਦੀਆਂ ਗੌਰਵਮਈ ਪਰੰਪਰਾਵਾਂ ਦੇ ਰੂਬਰੂ ਕਰਦੇ ਹਨ ਪਰੰਤੂ ਹੁਣ ਤਾਂ ਕਿਸਾਨੀ ਮੋਰਚੇ ਦੀ ਸਫ਼ਲਤਾ ਅਤੇ ਕਾਲੇ ਕਾਨੂੰਨਾਂ ਦਾ ਰੱਦ ਹੋਣਾ ਹੀ ਇੱਕ ਵੱਡਾ ਕੌਮੀ ਤਿਉਹਾਰ ਹੋਵੇਗਾ।ਜਿਸਨੂੰ ਸਮੂਹ ਕਿਸਾਨ ਅਤੇ ਭਾਰਤ ਵਾਸੀ ਜਿੱਤ ਦੇ ਪ੍ਰਤੀਕ ਵੱਜੋਂ ਮਨਾਉਣਗੇ।ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਨੇ “ਅਸੀਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ”, “ਅਸੀਂ ਕਿਸਾਨਾਂ ਦੇ ਨਾਲ ਹਾਂ”, “ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ”, ਸਲੋਗਨ ਦੇ ਚਾਰਟ ਹੱਥਾਂ ਵਿੱਚ ਫੜ ਕੇ ਸ੍ਰੀ ਚਮਕੌਰ ਸਾਹਿਬ ਦੇ ਬਜ਼ਾਰਾਂ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਅੰਨਦਾਤੇ ਦੇ ਹੱਕ ਵਿੱਚ ਸ਼ਾਂਤਮਈ ਪ੍ਰਦਰਸ਼ਨ ਵੀ ਕੀਤਾ।