ਪਿਆਰੇ ਵਿਦਿਆਰਥੀਓ,
ਸਿੱਖ ਧਰਮ ਦਾ ਇਤਿਹਾਸ ਸਦਾ ਮਾਣਮੱਤਾ ਅਤੇ ਸ਼ਾਨਾਮੱਤਾ ਰਿਹਾ ਹੈ। ਸਿੱਖ ਧਰਮ ਨੇ ਜਿੱਥੇ ਸਰਬੱਤ ਦੇ ਭਲੇ, ਹੱਕ—ਸੱਚ, ਨਿਆਂ, ਮਨੱੁਖਤਾ ਦੀ ਭਲਾਈ ਲਈ ਲਾਸਾਨੀ ਸ਼ਹੀਦੀਆਂ ਤੇ ਕੁਰਬਾਨੀਆਂ ਦੇਣ ਦੀ ਵੱਖਰੀ ਮਿਸਾਲ ਕਾਇਮ ਕੀਤੀ ਹੈ ਉਥੇ ਸਿੱਖ ਕੌਮ ਨੇ ਵਿਸ਼ਵ ਵਿੱਚ ਵਿਲੱਖਣ ਹੋਂਦ ਅਤੇ ਪਹਿਚਾਣ ਬਣਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜਿਸ ਦਾ ਮੂਲ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਇਹ ਸੰਸਥਾ ਸਿੱਖੀ ਦਾ ਪ੍ਰਚਾਰ ਕਰਨ ਦੇ ਨਾਲ—ਨਾਲ ਸਮਾਜ ਸੇਵਾ ਅਤੇ ਵਿੱਦਿਆ ਦੇ ਪਸਾਰ ਲਈ ਵੀ ਸ਼ਲਾਘਾਯੋਗ ਕਾਰਜ ਕਰ ਰਹੀ ਹੈ।
ਗੁਰੂ ਸਾਹਿਬਾਨ ਦੁਆਰਾ ਸਮੱੁਚੀ ਮਾਨਵਤਾ ਦੇ ਭਲੇ ਲਈ ਦਰਸਾਏ ਮਾਰਗ ਉੱਤੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਬਹੁਪੱਖੀ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ। ਇਹਨਾਂ ਵਿੱਦਿਅਕ ਅਦਾਰਿਆਂ ਦਾ ਮੂਲ ਉਦੇਸ਼ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾਉਣਾ ਅਤੇ ਅਜਿਹੀ ਸਾਰਥਕ ਤੇ ਸਦੀਵੀ ਸਿੱਖਿਆ ਪ੍ਰਦਾਨ ਕਰਨਾ ਹੈ ਜਿਸ ਵਿੱਚੋਂ ਸਿੱਖੀ ਸਿਧਾਂਤਾਂ ਦੀ ਝਲਕ ਵੀ ਪ੍ਰਾਪਤ ਹੋਵੇ।
ਆਧੁਨਿਕ ਸਮੇਂ ਪੂੰਜੀਵਾਦੀ ਅਤੇ ਸਵਾਰਥੀ ਰੁਚੀਆਂ ਦੇ ਸ਼ਿਕਾਰ ਵਰਗ ਵੱਲੋਂ ਵਿੱਦਿਅਕ ਸੰਸਥਾਵਾਂ ਵਿੱਚ ਸਿੱਖਿਆ ਨੂੰ ਮੁਨਾਫ਼ੇ ਦੀ ਵਸਤੂ ਬਣਾ ਕੇ ਇਸਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ ਜਦਕਿ ਵਿੱਦਿਆ ਦਾ ਅਸਲੀ ਅਰਥ ਪਰਉਪਕਾਰ ਹੈ। ਮੌਲਿਕ ਸੂਝ ਤੇ ਵਿਸ਼ਾਲ ਗਿਆਨ ਪ੍ਰਾਪਤ ਕਰਕੇ ਵਿਚਾਰਵਾਨ ਸਿੱਖਿਆਰਥੀ ਨੇ ਸਮਾਜ ਲਈ ਰਾਹ ਦਸੇਰਾ ਬਣਨਾ ਹੁੰਦਾ ਹੈ। ਵਿਚਾਰਹੀਣ ਵਿੱਦਿਆ ਮਨੱੁਖ ਨੂੰ ਪਰਉਪਕਾਰੀ ਬਣਾਉਣ ਦੀ ਥਾਂ ਕੁਰਾਹੇ ਪਾ ਦਿੰਦੀ ਹੈ।
ਅਜੋਕੇ ਸਿੱਖਿਆ ਪ੍ਰਬੰਧ ਨੂੰ ਬਹੁਤ ਚੁਣੌਤੀਆਂ ਅਤੇ ਸਮੱਸਿਆਵਾਂ ਦਰਪੇਸ਼ ਹਨ। ਸਵੈ—ਕੇਂਦਰਿਤ ਰੁਚੀਆਂ ਦੇ ਸ਼ਿਕਾਰ ਮਨੱੁਖ ਵਿੱਚੋਂ ਮਾਨਵੀ ਕਦਰਾਂ—ਕੀਮਤਾਂ ਮਨਫ਼ੀ ਹੁੰਦੀਆਂ ਜਾ ਰਹੀਆਂ ਹਨ। ਨੌਜਵਾਨ ਵਰਗ ਨੂੰ ਉੱਚੇਰੀ ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤੀ ਦੇ ਖੇਤਰ ਵਿੱਚ ਵੱਡੀਆਂ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕਾਰਾਤਮਕ ਪਰੰਪਰਕ ਕੀਮਤਾਂ ਤੋਂ ਸੱਖਣੀ ਅਤੇ ਆਪਣੇ ਅਮੀਰ ਵਿਰਸੇ ਤੋਂ ਟੱੁਟ ਰਹੀ ਨਵੀਂ ਪੀੜ੍ਹੀ ਦਿਸ਼ਾਹੀਣ ਤੇ ਨਕਾਰਾਤਮਕ ਸੋਚ ਦੀ ਧਾਰਨੀ ਬਣਦੀ ਜਾ ਰਹੀ ਹੈ। ਮਸ਼ੀਨੀਕਰਨ ਤੋਂ ਪ੍ਰਭਾਵਿਤ ਅਜੋਕੀ ਜੀਵਨ ਸ਼ੈਲੀ ਨੇ ਰਚਨਾਤਮਕ, ਸਿਰਜਣਾਤਮਕ ਤੇ ਬੌਧਿਕ ਪੱਖੋਂ ਨੌਜਵਾਨ ਵਰਗ ਨੂੰ ਊਣਾ ਕਰ ਦਿੱਤਾ ਹੈ। ਮਸਨੂਈ/ਮਸ਼ੀਨੀ ਬੱੁਧੀਮਾਨਤਾ ਦੇ ਇਸ ਦੌਰ ਵਿੱਚ ਨਵੀਂ ਪੀੜ੍ਹੀ ਭਾਵ ਜਨਰੇਸ਼ਨ ਅਲਫ਼ਾ ਤੋਂ ਬਾਅਦ ਜਨਰੇਸ਼ਨ ਬੀਟਾ ਦਾ ਆਗਮਨ ਹੋ ਚੱੁਕਾ ਹੈ ਜਿਸ ਸਬੰਧੀ ਸਿੱਖਿਆ ਸੰਸਥਾਵਾਂ ਨੂੰ ਦੂਰਅੰਦੇਸ਼ੀ ਅਤੇ ਭਵਿੱਖਮੁਖੀ ਯੋਜਨਾਵਾਂ ਬਣਾਉਣ ਦੀ ਸਖ਼ਤ ਜ਼ਰੂਰਤ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਹੁਨਰ, ਕਲਾ, ਪ੍ਰਤਿਭਾ ਨੂੰ ਨਿਖਾਰਨ, ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ, ਗੁਰਮਤਿ ਜੀਵਨ—ਜਾਚ ਨਾਲ ਜੋੜਨ ਅਤੇ ਰੁਜ਼ਗਾਰ ਪ੍ਰਾਪਤੀ ਲਈ ਮੌਕੇ ਪ੍ਰਦਾਨ ਕਰਨ ਹਿੱਤ ਸਾਰਥਕ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਕਿ ਗਿਆਨੁ ਪ੍ਰਚੰਡੁ ਪ੍ਰਸ਼ਨੋਤਰੀ ਮੁਕਾਬਲਾ, ਗੁਰਮਤਿ ਕੈਂਪ, ਗੁਰਮਤਿ ਸਮਾਗਮ, ਪ੍ਰਦਰਸ਼ਨੀਆਂ, ਸ਼ਖ਼ਸੀਅਤ ਉਸਾਰੀ ਦੀ ਸਿਖਲਾਈ ਲਈ ਵਰਕਸ਼ਾਪ, ਵਰਨੈਕੁਲਰ ਬ੍ਰਿਜ ਕੋਰਸ ਅਤੇ ਕੇਂਦਰੀ ਪੱਧਰ ਉੱਤੇ ਵਿਸ਼ਾਲ ਰੁਜ਼ਗਾਰ ਮੇਲਾ ਆਦਿ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਮੈਨੂੰ ਪੂਰਨ ਵਿਸ਼ਵਾਸ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵੱਲੋਂ ਜਿਸ ਪ੍ਰਕਾਰ ਵਰਤਮਾਨ ਸਮੇਂ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਪੱਧਰ ਉੱਤੇ ਨਿਆਰੀ ਪਹਿਚਾਣ ਬਣਾਈ ਗਈ ਹੈ ਉਸ ਪ੍ਰਕਾਰ ਹੀ ਦਰਪੇਸ਼ ਚੁਣੌਤੀਆਂ ਦੇ ਸੰਭਾਵੀ ਹੱਲ ਕੱਢਣ ਲਈ ਵੀ ਸੰਸਥਾਵਾਂ ਵੱਲੋਂ ਸੁਹਿਰਦ ਯਤਨ ਜਾਰੀ ਰਹਿਣਗੇ।
ਇਹਨਾਂ ਵਿੱਦਿਅਕ ਸੰਸਥਾਵਾਂ ਦਾ ਮਨੋਰਥ ਵਿਦਿਆਰਥੀਆਂ ਨੂੰ ਪਰੰਪਰਾਗਤ ਢੰਗਾਂ ਅਤੇ ਅਤਿ—ਆਧੁਨਿਕ ਤਕਨਾਲੋਜੀ ਦੀਆਂ ਤਕਨੀਕਾਂ ਦੇ ਪ੍ਰਯੋਗ ਰਾਹੀਂ ਨਵੇਂ ਗਿਆਨ ਨਾਲ ਸਿੱਖਿਅਤ ਕਰਨਾ, ਕਿੱਤਾਮੁਖੀ ਸਿੱਖਿਆ ਰਾਹੀਂ ਰੁਜ਼ਗਾਰ ਪ੍ਰਾਪਤੀ ਦੇ ਯੋਗ ਬਣਾਉਣਾ, ਖ਼ਾਲਸਾਈ ਵਿਰਾਸਤ ਦੇ ਵਾਰਿਸ, ਸਿੱਖ—ਸਿਧਾਂਤ ਦੇ ਧਾਰਨੀ, ਉੱਚ ਚਰਿੱਤਰ ਦੇ ਮਾਲਕ, ਸਰਬੱਤ ਦੇ ਭਲੇ ਦੀ ਸੋਚ ਦੇ ਧਾਰਨੀ ਤੇ ਸਮਾਜ ਨੂੰ ਦੇਣ ਵਾਲੇ ਨੌਜਵਾਨ ਵਰਗ ਦਾ ਨਿਰਮਾਣ ਕਰਨਾ ਹੈ।
ਮੈਂ ਸੰਸਥਾ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਦਾ ਪੁਰ—ਖ਼ਲੂਸ ਮਨ ਤੋਂ ਨਿੱਘਾ ਸੁਆਗਤ ਕਰਦਾ ਹਾਂ ਅਤੇ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਸੰਸਥਾ ਤੁਹਾਡੇ ਸੁਪਨਿਆਂ ਦੀ ਪੂਰਤੀ ਲਈ ਤੇ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਕਰਨ ਵਿੱਚ ਜ਼ਰੂਰ ਮਦਦਗਾਰ ਸਿੱਧ ਹੋਵੇਗੀ।